ਬਸਪਾ ਵਰਕਰ ਦੇ ਕਤਲ ਮਗਰੋਂ ਭਖਿਆ ਜਲੰਧਰ ਦਾ ਮਾਹੌਲ
ਜਲੰਧਰ: ਜਲੰਧਰ ਦੇ ਅੱਪਰਾ ਇਲਾਕੇ ਵਿੱਚ ਬਸਪਾ ਵਰਕਰ ਦੇ ਕਤਲ ਮਾਮਲੇ ਕਾਰਨ ਲੋਕਾਂ ਦਾ ਰੋਹ ਵਧ ਰਿਹਾ ਹੈ। ਪੰਜ ਦਿਨਾਂ ਬਾਅਦ ਵੀ ਪੁਲਿਸ ਮੁੱਖ ਮੁਲਜ਼ਮ ਨੂੰ ਕਾਬੂ ਨਹੀਂ ਕਰ ਸਕੀ। ਪਰਿਵਾਰ ਨੇ ਉਦੋਂ ਤੱਕ ਸਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਹੈ ਜਦੋਂ ਤੱਕ ਮੁੱਖ ਮੁਲਜ਼ਮ ਗ੍ਰਿਫਤਾਰ ਨਹੀਂ ਹੋ ਜਾਂਦਾ। ਅੱਜ ਲੋਕਾਂ ਨੇ ਇਲਾਕੇ ਦੇ ਐਮਪੀ ਚੌਧਰੀ ਸੰਤੋਖ ਦੇ ਘਰ ਬਾਹਰ ਧਰਨਾ ਦੇ ਕੇ ਮੁਲਜ਼ਮ ਦੀ ਤੁਰੰਤ ਗ੍ਰਿਫਤਾਰੀ ਮੰਗੀ।
ਅੱਪਰਾ ਵਿੱਚ ਸਾਈਕਲ ਰਿਪੇਅਰ ਦੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਬਸਪਾ ਵਰਕਰ ਰਾਮ ਸਰੂਪ ਦਾ 25 ਸਤੰਬਰ ਨੂੰ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੁੱਖ ਮੁਲਜ਼ਮ ਸਰਬਜੀਤ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਕਤਲ ਦੀ ਜ਼ਿੰਮੇਵਾਰੀ ਲੈ ਲਈ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਪਰ ਪੰਜ ਦਿਨ ਬਾਅਦ ਵੀ ਮੁੱਖ ਕਾਤਲ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਪਰਿਵਾਰ ਨੇ ਮੁੱਖ ਮੁਲਜ਼ਮ ਦੀ ਗ੍ਰਿਫਤਾਰੀ ਤੱਕ ਅੰਤਿਮ ਸੰਸਕਾਰ ਤੋਂ ਵੀ ਇਨਕਾਰ ਕਰ ਦਿੱਤਾ ਹੈ।
ਮੁੱਖ ਮੁਲਜ਼ਮ ਸਰਬਜੀਤ ਨੇ ਜਦੋਂ ਸੋਸ਼ਲ ਮੀਡੀਆ 'ਤੇ ਆਪਣੀ ਫੋਟੋ ਪੋਸਟ ਕੀਤੀ ਤਾਂ ਉਸ ਦੇ ਗਲੇ ਵਿੱਚ ਕਾਂਗਰਸ ਦੇ ਨਿਸ਼ਾਨ ਵਾਲਾ ਪਰਨਾ ਪਾਇਆ ਹੋਇਆ ਸੀ। ਹੁਣ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਦਬਾਅ ਵਿੱਚ ਇਸ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਪਰਿਵਾਰ ਸਬਰਜੀਤ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਿਹਾ ਹੈ।
ਬਸਪਾ ਵਰਕਰਾਂ ਨੇ ਪੁਲਿਸ 'ਤੇ ਢਿੱਲੀ ਕਾਰਗੁਜ਼ਾਰੀ ਦਾ ਇਲਜ਼ਾਮ ਲਾਉਂਦੇ ਹੋਏ ਫਿਲੌਰ ਵਿੱਚ ਰੋਸ ਮਾਰਚ ਕੱਢਿਆ ਅਤੇ ਐਮਪੀ ਚੌਧਰੀ ਸੰਤੋਖ ਸਿੰਘ ਦੇ ਘਰ ਦੇ ਬਾਹਰ ਧਰਨਾ ਦੇ ਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਤੁਰੰਤ ਮੰਗ ਕੀਤੀ। ਇੱਥੇ ਮੁੱਖ ਮੰਤਰੀ ਦੇ ਨਾਂ ਐਸਡੀਐਮ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਦੂਜੇ ਪਾਸੇ ਪੁਲਿਸ ਦਾ ਦਾਅਵਾ ਹੈ ਕਿ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਖ ਮੁਲਜ਼ਮ ਸਰਬਜੀਤ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜਲੰਧਰ ਦਿਹਾਤੀ ਪੁਲਿਸ ਦੇ ਐਸਪੀ ਬਲਕਾਰ ਸਿੰਘ ਨੇ ਕਿਸੇ ਵੀ ਸਿਆਸੀ ਦਬਾਅ ਤੋਂ ਇਨਕਾਰ ਕੀਤਾ ਹੈ।